ਆਈਪੀਐਲ ਸੀਜਨ 13 ਵਿਚ ਖਰਾਬ ਦੌਰ ਨਾਲ ਗੁਜਰ ਰਹੀ ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੌਰ ਨਾਲ ਹੋਣ ਜਾ ਰਿਹਾ ਹੈ. ਇਸ ਮੈਚ ਤੋਂ ਪਹਿਲਾਂ ਪੰਜਾਬ ਲਈ ਖੁਸ਼ਖਬਰੀ ਹੈ ਕਿ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੇਲ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ, ਅਤੇ 2020 ਡ੍ਰੀਮ 11 ਇੰਡੀਅਨ ਪ੍ਰੀਮੀਅਰ ਲੀਗ ਵਿਚ ਵੀਰਵਾਰ, 15 ਅਕਤੂਬਰ ਨੂੰ ਰਾਇਲ ਚੈਲੇਂਜਰਜ਼ ਬੈਂਗਲੌਰ ਖਿਲਾਫ ਖੇਡਣ ਲਈ ਤਿਆਰ ਹਨ. ਕੌਟਰੇਲ ਦੇ ਨਾਲ, ਉਹਨਾਂ ਦੇ ਸਾਥੀ ਕ੍ਰਿਸ ਗੇਲ ਨੂੰ ਵੀ ਕੁਝ ਦਿਨ ਪਹਿਲਾਂ ਫਿੱਟ ਘੋਸ਼ਿਤ ਕੀਤਾ ਗਿਆ ਹੈ, ਅਤੇ ਉਹ ਵੀ ਆਰਸੀਬੀ ਖਿਲਾਫ ਖੇਡਣ ਲਈ ਉਪਲਬਧ ਹਨ.

ਸ਼ੈਲਡਨ ਕੌਟਰੇਲ ਨੂੰ ਪਿਛਲੇ ਹਫਤੇ ਦੇ ਇੱਕ ਟ੍ਰੇਨਿੰਗ ਸੈਸ਼ਨ ਵਿੱਚ ਸੱਟ ਲੱਗ ਗਈ ਸੀ, ਅਤੇ ਇਸਦੇ ਚਲਦੇ ਉਹ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਪਿਛਲਾ ਮੁਕਾਬਲਾ ਨਹੀਂ ਖੇਡ ਸਕੇ ਸੀ. ਕਿੰਗਜ਼ ਇਲੈਵਨ ਪੰਜਾਬ ਨੇ ਉਹਨਾਂ ਦੀ ਜਗ੍ਹਾ ਪਿਛਲੇ ਮੈਚ ਵਿਚ ਕ੍ਰਿਸ ਜੌਰਡਨ ਨੂੰ ਸ਼ਾਮਿਲ ਕੀਤਾ ਸੀ ਅਤੇ ਇਸ ਮੈਚ ਵਿਚ ਸ਼ਾਇਦ ਉਹਨਾਂ ਨੂੰ ਬਾਹਰ ਬੈਠਣਾ ਪੈ ਸਕਦਾ ਹੈ.

ਕੌਟਰੇਲ ਦੇ ਫਿੱਟ ਹੋਣ ਦੇ ਨਾਲ ਕਿੰਗਜ਼ ਇਲੈਵਨ ਪੰਜਾਬ ਦੀ ਗੇਂਦਬਾਜੀ ਮਜਬੂਤ ਹੋਵੇਗੀ, ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੇ ਐਲ ਰਾਹੁਲ ਐਂਡ ਕੰਪਨੀ ਇਸ ਮੈਚ ਵਿਚ ਕਿਸ ਪਲੇਇੰਗ ਇਲੈਵਨ ਦੇ ਨਾਲ ਮੈਦਾਨ ਵਿਚ ਉਤਰਦੀ ਹੈ. ਪੰਜਾਬ ਦੀ ਟੀਮ ਇਸ ਸਮੇਂ ਪੁਆਇੰਟ ਟੇਬਲ ਤੇ ਸਭ ਤੋਂ ਆਖਰੀ ਨੰਬਰ ਤੇ ਹੈ ਅਤੇ ਜੇ ਹੁਣ ਇਸ ਟੀਮ ਨੂੰ ਪਲੇਆੱਫ ਦੀ ਉਮੀਦਾਂ ਨੂੰ ਜਿੰਦਾ ਰੱਖਣਾ ਹੈ ਤਾਂ ਉਹਨਾਂ ਨੂੰ ਆਪਣੇ ਬਾਕੀ ਮੁਕਾਬਲੇ ਜਿੱਤਣੇ ਹੋਣਗੇ.

ਹਾਲਾਂਕਿ, ਇਸ ਮੈਚ ਤੋਂ ਪਹਿਲਾਂ ਗੇਲ ਨੇ ਹੁੰਕਾਰ ਭਰੀ ਹੈ ਕਿ ਪੰਜਾਬ ਦੀ ਟੀਮ ਅਜੇ ਵੀ ਟੂਰਨਾਮੇਂਟ ਵਿਚ ਵਾਪਸੀ ਕਰ ਸਕਦੀ ਹੈ. ਗੇਲ ਨੇ ਆਪਣੇ ਚਾਹੁਣ ਵਾਲਿਆਂ ਅਤੇ ਆਪਣੀ ਟੀਮ ਦੇ ਖਿਡਾਰੀਆਂ ਤੋਂ ਅਪੀਲ ਵੀ ਕੀਤੀ ਕਿ ਉਹ ਟੀਮ ਅਤੇ ਖੁੱਦ ਤੇ ਵਿਸ਼ਵਾਸ ਰੱਖਣ.

ਗੇਲ ਨੇ ਆਰਸੀਬੀ ਦੇ ਖਿਲਾਫ ਮੈਚ ਤੋਂ ਪਹਿਲਾਂ ਕਿਹਾ, "ਮੈਂ ਸਾਰੇ ਖਿਡਾਰੀਆਂ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਖੁੱਦ ਤੇ ਵਿਸ਼ਵਾਸ ਰੱਖੋ, ਅਸੀਂ ਹੁਣ ਵੀ ਇਹ ਕੰਮ ਕਰ ਸਕਦੇ ਹਾਂ. ਇਸ ਸਥਿਤੀ ਤੋਂ ਅਸੀਂ ਸਿਰਫ ਉੱਪਰ ਜਾ ਸਕਦੇ ਹਾਂ ਅਤੇ ਅਸੀਂ ਕਰਕੇ ਦਿਖਾਵਾਂਗੇ."