ਸ਼ਮੀ ਨੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਖਿਲਾਫ ਮੁਕਾਬਲੇ ਦੌਰਾਨ ਇਕ ਵਿਕਟ ਲਈ ਅਤੇ ਹੁਣ ਦੋ ਮੈਚਾਂ ਵਿਚ ਉਹਨਾਂ ਨੇ ਚਾਰ ਵਿਕਟਾਂ ਲਈਆਂ ਹਨ. ਬਾਕੀ ਗੇਂਦਬਾਜ਼ਾਂ ਨਾਲੋਂ ਵਧੀਆ ਔਸਤ ਤੇ ਇਕਾੱਨਮੀ ਰੇਟ ਦੇ ਚਲਦੇ ਉਹਨਾਂ ਨੂੰ ਪਰਪਲ ਕੈਪ ਮਿਲੀ ਹੈ.

ਸ਼ਮੀ ਨੇ ਕਿੰਗਸ ਇਲੈਵਨ ਪੰਜਾਬ ਦੁਆਰਾ ਟਵਿੱਟਰ 'ਤੇ ਪੋਸਟ ਕੀਤੇ ਇਕ ਵੀਡੀਓ ਵਿਚ ਕਿਹਾ, "ਪਰਪਲ ਕੈਪ ਹਾਸਲ ਕਰਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ. ਪਹਿਲੇ ਮੈਚ ਤੋਂ ਹੀ ਵਿਸ਼ਵਾਸ ਜ਼ਿਆਦਾ ਰਿਹਾ ਹੈ ਅਤੇ ਅਸੀਂ ਲੰਬੇ ਸਮੇਂ ਤੋਂ ਪ੍ਰੈਕਟਿਸ ਵੀ ਕਰ ਰਹੇ ਸੀ ਤੇ ਹੁਣ ਉਸਦਾ ਨਤੀਜਾ ਮਿਲ ਰਿਹਾ ਹੈ. ਖ਼ਾਸਕਰ ਇੰਨੇ ਵੱਡੇ ਟੂਰਨਾਮੈਂਟ ਵਿਚ ਜਦੋਂ ਤੁਸੀਂ ਤਿਆਰੀ ਕਰਕੇ ਆਉਂਦੇ ਹੋ ਤਾਂ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਜੋ ਤਿਆਰੀ ਕੀਤੀ ਹੈ  ਉਸਨੂੰ ਮੈਦਾਨ ਤੇ ਅਮਲ ਵਿਚ ਲਿਆਇਆ ਜਾਏ.”

ਪੰਜਾਬ ਨੇ ਵੀਰਵਾਰ ਨੂੰ ਆਰਸੀਬੀ ਖਿਲਾਫ 97 ਦੌੜਾਂ ਦੀ ਵੱਡੀ ਜਿੱਤ ਹਾਸਲ ਕੀਤੀ. ਇਹ ਇਸ ਸੀਜ਼ਨ ਵਿਚ ਉਹਨਾਂ ਦੀ ਪਹਿਲੀ ਜਿੱਤ ਹੈ ਤੇ ਬਿਹਤਰ ਰਨ ਰੇਟ ਦੇ ਚਲਦੇ ਦੋ ਮੈਚਾਂ ਤੋਂ ਬਾਅਦ ਪੰਜਾਬ ਦੀ ਟੀਮ ਅੰਕ ਤਾਲਿਕਾ ਵਿਚ ਪਹਿਲੇ ਨੰਬਰ ਤੇ ਹੈ.

ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ 69 ਗੇਂਦਾਂ ਵਿਚ 132 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਉਹਨਾਂ ਦੀ ਪਾਰੀ ਦੇ ਚਲਦੇ ਹੀ ਪੰਜਾਬ 207 ਦੌੜਾਂ ਦੇ ਵਿਸ਼ਾਲ ਸਕੋਰ ਤੱਕ ਪਹੁੰਚ ਪਾਇਆ. ਇਸ ਪਾਰੀ ਦੇ ਨਾਲ ਰਾਹੁਲ ਨੇ ਆਈਪੀਐਲ ਵਿਚ ਕਿਸੇ ਭਾਰਤੀ ਖਿਡਾਰੀ ਦੁਆਰਾ ਸਰਵਉੱਤਮ ਵਿਅਕਤੀਗਤ ਸਕੋਰ ਵੀ ਹਾਸਲ ਕਰ ਲਿਆ.

ਕਪਤਾਨ ਕੇ ਐਲ਼ ਰਾਹੁਲ ਦੀ ਪਾਰੀ ਦੀ ਸ਼ਲਾਘਾ ਕਰਦਿਆਂ ਸ਼ਮੀ ਨੇ ਕਿਹਾ: “ਹਰ ਸਾਲ ਅਸੀਂ ਉਹਨਾਂ ਨੂੰ ਵੇਖਦੇ ਹਾਂ (ਖੇਡਦੇ ਹਾਂ.) ਉਹ ਜਿੰਨਾ ਲੰਬਾ ਖੇਡਦੇ ਹਨ, ਉਨਾ ਹੀ ਤੁਸੀਂ ਅਨੰਦ ਲੈਂਦੇ ਹੋ.  ਬਹੁਤ ਲੰਬੇ ਸਮੇਂ ਤੋਂ ਅਸੀਂ ਨਾਲ ਖੇਡ ਰਹੇ ਹਾਂ, ਮੈਂ ਉਹਨਾਂ ਦੀ ਬਹੁਤ ਸਾਰੀ ਪਾਰੀਆਂ ਦਾ ਆਨੰਦ ਲਿਆ ਹੈ. ਅੱਜ ਬਹੁਤ ਮਜ਼ਾ ਆਇਆ ਜਿਵੇਂ ਉਹਨਾਂ ਨੇ ਸ਼ੁਰੂ ਕੀਤਾ, ਪਰ ਅੱਜ ਉਹਨਾਂ ਨੇ ਥੋੜ੍ਹਾ ਹੌਲੀ ਸ਼ੁਰੂਆਤ ਕੀਤੀ ਪਰ ਉਸ ਤੋਂ ਬਾਅਦ ਉਹਨਾਂ ਨੇ ਪਾਰੀ ਨੂੰ ਤੇਜ਼ੀ ਨਾਲ ਅੱਗੇ ਵਧਾਇਆ. ਮੈਂ ਉਮੀਦ ਕਰਦਾ ਹਾਂ ਕਿ ਉਹਨਾਂ ਦਾ ਸੀਜ਼ਨ ਵਧੀਆ ਜਾਵੇ, ਸਾਰਿਆਂ ਦਾ ਸੀਜ਼ਨ ਵਧੀਆ ਜਾਵੇ, ਸਾਰਿਆਂ ਨੂੰ ਗੁੱਡ ਲੱਕ.